18 December 2024

ਕਿਸਾਨਾਂ ਦੇ ਭਾਰੀ ਇਕੱਠ ਨਾਲ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋਇਆ

Spread the love

ਲੁਧਿਆਣਾ 14 ਮਾਰਚ, 2024


ਅੱਜ ਪੀ.ਏ.ਯੂ. ਵਿਚ ਸਾਉਣੀ ਦੀਆਂ ਫਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਭਾਰੀ ਇਕੱਠ ਨਾਲ ਆਰੰਭ ਹੋ ਗਿਆ| ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਸ਼ਾਮਿਲ ਹੋਏ| ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸੰਸਾਰ ਪ੍ਰਸਿੱਧ ਚੌਲ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਮੌਜੂਦ ਸਨ| ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਸ. ਹਰਦਿਆਲ ਸਿੰਘ ਗਜ਼ਨੀਪੁਰ, ਸ. ਅਮਨਪ੍ਰੀਤ ਸਿੰਘ ਬਰਾੜ ਅਤੇ ਸ਼੍ਰੀਮਤੀ ਕਿਰਨਜੀਤ ਕੌਰ ਗਿੱਲ ਦੇ ਨਾਲ ਪਨਸੀਡ ਦੇ ਚੇਅਰਮੈਨ ਡਾ. ਮਹਿੰਦਰ ਸਿੰਘ ਸਿੱਧੂ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਸ. ਗੁਰਚਰਨ ਸਿੰਘ ਢਿੱਲੋਂ ਵੀ ਹਾਜ਼ਰ ਸਨ|

 
ਸ. ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕਿਰਤ ਅਤੇ ਕਿਰਸ ਰਾਹੀਂ ਪੰਜਾਬ ਦੀ ਖੁਸ਼ਹਾਲੀ ਅਤੇ ਮਜ਼ਬੂਤੀ ਸੰਭਵ ਹੋ ਸਕਦੀ ਹੈ| ਉਹਨਾਂ ਪੀ.ਏ.ਯੂ. ਵੱਲੋਂ ਆਪਣੀ ਸਥਾਪਨਾ ਤੋਂ ਲੈ ਕੇ ਸੂਬੇ ਦੀ ਕਿਸਾਨੀ ਦੀ ਤਰੱਕੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਨਵੀਆਂ ਕਿਸਮਾਂ, ਨਵੀਆਂ ਉਤਪਾਦਨ ਤਕਨੀਕਾਂ ਅਤੇ ਨਵੇਂ ਮੌਕਿਆਂ ਨਾਲ ਕਿਸਾਨਾਂ ਨੂੰ ਵਿਗਿਆਨਕ ਖੇਤੀ ਵੱਲ ਤੋਰਿਆ ਹੈ, ਯੂਨੀਵਰਸਿਟੀ ਨਾਲ ਜੁੜਨ ਵਾਲੇ ਕਿਸਾਨ ਸਮੇਂ ਦੇ ਹਾਣੀ ਬਣੇ ਹਨ ਅਤੇ ਉਹਨਾਂ ਦੇ ਗਿਆਨ ਅਤੇ ਜਾਣਕਾਰੀ ਵਿਚ ਵਾਧਾ ਹੋਇਆ| ਉਹਨਾਂ ਕਿਹਾ ਕਿ ਫਸਲ ਉਤਪਾਦਨ ਦੇ ਨਾਲ-ਨਾਲ ਸਹਾਇਕ ਕਿੱਤਿਆਂ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਲਈ ਕਿਸਾਨਾਂ ਨੂੰ ਮੁਰਗੀ ਪਾਲਣ, ਪਸ਼ੂ ਪਾਲਣ ਦੇ ਨਾਲ-ਨਾਲ ਸੂਰ ਅਤੇ ਬੱਕਰੀ ਪਾਲਣ ਆਦਿ ਨਾਲ ਵੀ ਜੁੜਨਾ ਪਵੇਗਾ ਤਾਂ ਜੋ ਨਿਰੰਤਰ ਆਮਦਨ ਦੇ ਮੌਕੇ ਪੈਦਾ ਕੀਤੇ ਜਾ ਸਕਣ| ਪੀ.ਏ.ਯੂ. ਦੀ ਸੰਭਾਲ ਨੂੰ ਸਰਕਾਰਾਂ ਦਾ ਮੁੱਖ ਫਰਜ਼ ਮੰਨਦਿਆਂ ਸ. ਖੁੱਡੀਆਂ ਨੇ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ 40 ਕਰੋੜ ਦੀ ਮਾਇਕ ਇਮਦਾਦ ਨਾਲ ਖੇਤੀ ਖੋਜ, ਅਧਿਆਪਨ, ਪਸਾਰ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਆਸ ਪ੍ਰਗਟਾਈ|


ਪੀ.ਏ.ਯੂ. ਵੱਲੋਂ ਲਾਏ ਜਾਂਦੇ ਕਿਸਾਨ ਮੇਲਿਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਸ. ਖੁੱਡੀਆਂ ਨੇ ਮੌਜੂਦਾ ਕਿਸਾਨੀ ਨੂੰ ਰਵਾਇਤੀ ਕਣਕ-ਝੋਨੇ ਤੋਂ ਇਲਾਵਾ ਬਾਗਬਾਨੀ, ਦਾਲਾਂ, ਮੱਕੀ ਅਤੇ ਹੋਰ ਵਿਭਿੰਨਤਾ ਵਾਲੇ ਤਰੀਕੇ ਅਪਨਾਉਣ ਦਾ ਸੱਦਾ ਦਿੱਤਾ| ਉਹਨਾਂ ਸਰਕਾਰ ਵੱਲੋਂ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਵਾਸਤੇ ਦਿੱਤੇ ਜਾਂਦੇ ਸਹਿਯੋਗ ਬਾਰੇ ਜਾਣਕਾਰੀ ਦਿੰਦਿਆਂ ਊਰਜਾ ਦੀ ਬੱਚਤ ਲਈ 90 ਹਜ਼ਾਰ ਨਵੇਂ ਸੌਰ ਊਰਜਾ ਕੁਨੈਕਸ਼ਨ ਦੇਣ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ|


ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਰਵਾਇਤੀ ਖੇਤੀ ਦੇ ਨਾਲ-ਨਾਲ  ਮੇਲੇ ਦੇ ਉਦੇਸ਼ ‘ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫ਼ਾ ਚੰਗਾ’ ਤੇ ਚਲਦਿਆਂ ਵੱਧ ਤੋਂ ਵੱਧ ਸਹਾਇਕ ਧੰਦਿਆਂ ਨਾਲ ਜੁੜਨ ਦੀ ਅਪੀਲ ਕੀਤੀ| ਇਸ ਮੰਤਵ ਲਈ ਉਹਨਾਂ ਯੂਨੀਵਰਸਿਟੀ ਵੱਲੋਂ ਸਹਾਇਕ ਧੰਦਿਆਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਸਿਖਲਾਈਆਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ, ਫੂਡ ਇੰਨਕੁਬੇਸ਼ਨ ਸੈਂਟਰ ਦਾ ਜ਼ਿਕਰ ਕੀਤਾ ਜਿੱਥੋਂ ਸਿਖਲਾਈ ਹਾਸਲ ਕਰਕੇ ਕਿਸਾਨ ਇਹਨਾਂ ਧੰਦਿਆਂ ਨਾਲ ਜੁੜ ਸਕਦੇ ਹਨ| ਉਹਨਾਂ 1967 ਤੋਂ ਲੈ ਕੇ ਲਗਾਤਾਰ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਨੂੰ ਕਿਸਾਨਾਂ ਅਤੇ ਮਾਹਿਰਾਂ ਦੇ ਆਪਸੀ ਸਿੱਖਣ ਸਿਖਾਉਣ ਦਾ ਅਮਲ ਕਿਹਾ| ਮੌਸਮੀ ਸਥਿਤੀਆਂ ਦੇ ਮੱਦੇਨਜ਼ਰ ਕਣਕ ਦੀ ਚੰਗੇ ਝਾੜ ਦੀ ਆਸ ਪ੍ਰਗਟ ਕਰਦਿਆਂ ਵਾਈਸ ਚਾਂਸਲਰ ਨੇ ਆਉਂਦੇ ਸਾਉਣੀ ਸੀਜ਼ਨ ਵਿਚ ਝੋਨੇ ਦੀ ਪੀ ਆਰ 126 ਅਤੇ ਪੀ ਆਰ 131 ਕਿਸਮਾਂ ਅਤੇ ਨਰਮੇ ਦੀਆਂ ਪੀ.ਏ.ਯੂ. ਵੱਲੋਂ ਸਿਫ਼ਾਰਸ਼ 73 ਹਾਈਬ੍ਰਿਡ ਕਿਸਮਾਂ ਵਿੱਚੋਂ ਚੋਣ ਕਰਕੇ ਬਿਜਾਈ ਕਰਨ ਲਈ ਸਿਫ਼ਾਰਸ਼ ਕੀਤੀ| ਉਹਨਾਂ ਦੱਸਿਆ ਕਿ ਬਾਸਮਤੀ ਦੀ ਕਾਸ਼ਤ ਵਧਾਉਣ ਲਈ ਪੀ.ਏ.ਯੂ. ਵੱਲੋਂ ਯਤਨ ਕੀਤੇ ਜਾ ਰਹੇ ਹਨ| ਆਉਂਦੇ ਸਾਉਣੀ ਸੀਜ਼ਨ ਲਈ ਬੀਜਾਂ ਦੀ ਬੇਸ਼ੁਮਾਰ ਉਪਲੱਬਧਤਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਫਰੀਦਕੋਟ ਦਾ 1200 ਏਕੜ ਦਾ ਬੀਜ ਫਾਰਮ ਯੂਨੀਵਰਸਿਟੀ ਨੂੰ ਮੁੜ ਮਿਲਣ ਕਾਰਨ ਹੁਣ ਕਿਸਾਨਾਂ ਨੂੰ ਬੀਜ ਦੀ ਕਿੱਲਤ ਨਹੀਂ ਆਵੇਗੀ| ਪੰਜਾਬ ਸਰਕਾਰ ਵੱਲੋਂ ਬਜਟ ਵਿਚ ਪੀ.ਏ.ਯੂ. ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 40 ਕਰੋੜ ਦੀ ਵਿਸ਼ੇਸ਼ ਇਮਦਾਦ ਦੇ ਨਾਲ-ਨਾਲ ਸ. ਗੁਰਚਰਨ ਸਿੰਘ ਢਿੱਲੋਂ ਵੱਲੋਂ 37 ਲੱਖ ਰੁਪਏ ਦੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦਿਆਂ ਉਹਨਾਂ ਇਸ ਰਾਸ਼ੀ ਨਾਲ ਖੇਤੀ ਖੋਜ, ਪਸਾਰ ਅਤੇ ਸਮੁੱਚੇ ਅਕਾਦਮਿਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿਵਾਇਆ| ਇਸਦੇ ਨਾਲ ਹੀ ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਸਬਜ਼ੀਆਂ, ਦਾਲਾਂ, ਤੇਲਬੀਜਾਂ ਅਤੇ ਚਾਰੇ ਦੀਆਂ ਕਿੱਟਾਂ ਖ੍ਰੀਦਣ ਦੀ ਸਿਫ਼ਾਰਸ਼ ਕਰਦਿਆਂ ਕਿਸਾਨਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪੀ.ਏ.ਯੂ. ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਲਈ ਕਿਹਾ|


ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਉਹਨਾਂ ਨੇ ਯੂਨੀਵਰਸਿਟੀ ਵਲੋਂ ਖੋਜੀਆਂ ਗਈਆਂ ਨੌਂ ਸੌ ਤੋਂ ਵਧੇਰੇ ਕਿਸਮਾਂ ਦਾ ਜ਼ਿਕਰ ਕੀਤਾ| ਇਸਦੇ ਨਾਲ ਹੀ ਉਹਨਾਂ ਆਉਂਦੇ ਸਾਉਣੀ ਸੀਜ਼ਨ ਲਈ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਪੂਸਾ ਬਾਸਮਤੀ 1847, ਚਾਰਾ ਮੱਕੀ ਦੀ ਨਵੀਂ ਕਿਸਮ ਜੇ 1008, ਖਰਵੇਂ ਅਨਾਜਾਂ ਵਿੱਚ ਖਾਣ ਵਾਲੇ ਬਾਜਰੇ ਦੀ ਕਿਸਮ ਪੀ ਸੀ ਬੀ 167 ਅਤੇ ਪੰਜਾਬ ਚੀਨਾ 1, ਬੈਂਗਣਾਂ ਦੀ ਨਵੀਂ ਕਿਸਮ ਪੀ ਬੀ ਐਚ ਐਲ 56 ਅਤੇ ਖਰਬੂਜ਼ੇ ਦੀ ਨਵੀਂ ਕਿਸਮ ਪੰਜਾਬ ਅੰਮ੍ਰਿਤ, ਤਰਬੂਜ਼ ਦੀ ਕਿਸਮ ਪੰਜਾਬ ਮਿਠਾਸ ਅਤੇ ਜਾਮਣਾਂ ਦੀਆਂ ਨਵੀਆਂ ਕਿਸਮਾਂ ਕੋਂਕਣ ਅਤੇ ਗੋਮਾ ਦਾ ਜ਼ਿਕਰ ਵੀ ਕੀਤਾ | ਡਾ. ਢੱਟ ਨੇ ਦਾਲਾਂ ਦੀ ਸੰਭਾਲ ਲਈ ਨਵੀਂ ਕਿੱਟ, ਅੰਜੀਰ ਨੂੰ ਸੁਕਾਉਣ ਅਤੇ ਹੋਰ ਤਕਨੀਕਾਂ ਦਾ ਜ਼ਿਕਰ ਕਰਦਿਆਂ ਪ੍ਰੋਸੈਸਿੰਗ ਤਕਨੀਕਾਂ ਵਿਚ ਜਾਮਣ ਆਧਾਰਿਤ ਉਤਪਾਦ ਅਤੇ ਸੋਇਆ ਪਾਊਡਰ ਤੋਂ ਤਿਆਰ ਦੁੱਧ ਦੇ ਨਾਲ ਮਿਲਟਸ ਦੀ ਪ੍ਰੋਸੈਸਿੰਗ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ|


ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ ਅਤੇ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਦੇ ਵੱਧ ਤੋਂ ਵੱਧ ਮੈਂਬਰ ਬਣਨ ਲਈ ਕਿਹਾ| ਉਹਨਾਂ ਕਿਹਾ ਕਿ ਇਹਨਾਂ ਮੇਲਿਆਂ ਵਿਚ ਕਿਸਾਨਾਂ ਨੂੰ ਇੱਕ ਛੱਤ ਹੇਠ ਖੇਤੀ ਸੰਬੰਧੀ ਸਮੁੱਚੀ ਵਿਗਿਆਨਕ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ ਜਿਸਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਲੋੜ ਹੈ| ਡਾ. ਭੁੱਲਰ ਨੇ ਕਿਸਾਨਾਂ ਨੂੰ ਖੇਤ ਪ੍ਰਦਰਸ਼ਨੀਆਂ ਅਤੇ ਨੁੰਮਾਇਸ਼ਾਂ ਦੇਖਣ ਅਤੇ ਖੇਤੀ ਸੰਬੰਧਤ ਸਮੱਸਿਆਵਾਂ ਲਈ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ|
ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਸਾਂਝੇ ਰੂਪ ਵਿਚ ਸ. ਜਗਤਾਰ ਸਿੰਘ ਸਪੁੱਤਰ ਸ. ਭਗਵਾਨ ਸਿੰਘ ਅਤੇ ਸ. ਧੰਨਾ ਸਿੰਘ ਸਪੁੱਤਰ ਸ. ਜਗਦੇਵ ਸਿੰਘ ਨੂੰ, ਫ਼ਸਲ ਉਤਪਾਦਨ ਅਤੇ ਸਹਾਇਕ ਕਿੱਤਿਆ ਲਈ ਮੁੱਖ ਮੰਤਰੀ ਪੁਰਸਕਾਰ ਸ. ਰਣਜੀਤ ਸਿੰਘ ਬਾਜਵਾ ਸਪੁੱਤਰ ਸ. ਅਮਰ ਸਿੰਘ ਨੂੰ, ਸੀ ਆਰ ਆਈ ਪੰਪਜ਼ ਪੁਰਸਕਾਰ ਸ. ਤਰਨਜੀਤ ਸਿੰਘ ਮਾਨ ਸਪੁੱਤਰ ਸ. ਮਲਕੀਤ ਸਿੰਘ ਨੂੰ, ਪਾਣੀ ਪ੍ਰਬੰਧਣ ਲਈ ਸੀ ਆਰ ਆਈ ਪੰਪਜ਼ ਪੁਰਸਕਾਰ ਸਵਰਗਵਾਸੀ ਗੁਲਜ਼ਾਰ ਸਿੰਘ ਸਪੁੱਤਰ ਸ. ਬਾਵਾ ਸਿੰਘ ਨੂੰ, ਜੈਵਿਕ ਖੇਤੀ ਲਈ ਸਿਰਮੌਰ ਕਿਸਾਨ ਸੀ ਆਰ ਆਈ ਪੰਪਜ਼ ਪੁਰਸਕਾਰ ਸ. ਰਣਧੀਰ ਸਿੰਘ ਭੁੱਲਰ ਸਪੁੱਤਰ ਸ. ਸਰਵਣ ਸਿੰਘ ਨੂੰ, ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਸ਼੍ਰੀਮਤੀ ਮਨਜੀਤ ਕੌਰ ਸੁਪੱਤਨੀ ਸ. ਤਰਸੇਮ ਸਿੰਘ ਨੂੰ ਪ੍ਰਦਾਨ ਕੀਤੇ ਗਏ| ਇਸ ਤੋਂ ਇਲਾਵਾ ਖੇਤੀ ਵਿਗਿਆਨ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਲਈ ਜਿਹਨਾਂ ਵਿਗਿਆਨੀਆਂ ਦਾ ਸਨਮਾਨ ਹੋਇਆ ਉਹਨਾਂ ਵਿਚ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ, ਫਲ ਵਿਗਿਆਨੀ ਡਾ. ਗੁਰਉਪਕਾਰ ਸਿੰਘ ਸਿੱਧੂ, ਫਸਲ ਵਿਗਿਆਨੀ ਡਾ. ਤਰੁਨਦੀਪ ਕੌਰ ਧਾਲੀਵਾਲ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮ ਸਿੰਘ ਗਿੱਲ, ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਮਾਹਿਰ ਡਾ. ਰਵਿੰਦਰ ਸਿੰਘ ਛੀਨਾ ਅਤੇ ਸਬਜ਼ੀ ਵਿਗਿਆਨੀ ਡਾ. ਕੁਲਵੀਰ ਸਿੰਘ ਸ਼ਾਮਿਲ ਹਨ|


ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਲੜਕਿਆਂ ਦੇ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਵਿਰਕ ਨੇ ਕੀਤਾ| ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ|